ਉਸਾਰੀ ਵਰਕਰ

ਕੰਮ ਦੀ ਥਾਂ ਤੇ ਤੁਹਾਡੀ ਸੁਰੱਖਿਆ

ਯੂ.ਕੇ. ਦਾ ਸਿਹਤ ਅਤੇ ਸੁਰੱਖਿਆ ਕਾਨੂੰਨ ਤੁਹਾਡੀ ਸੁਰੱਖਿਆ ਕਰਦਾ ਹੈ। ਜੇ ਤੁਸੀਂ ਇੱਥੇ ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਹੋ, ਤਾਂ ਵੀ।

ਸਾਰੇ ਉਸਾਰੀ ਵਰਕਰਾਂ ਨੂੰ ਅਜੇਹੀਆਂ ਥਾਂਵਾਂ ਤੇ ਕੰਮ ਕਰਨ ਦਾ ਹੱਕ ਹੈ ਜਿੱਥੇ ਉਨ੍ਹਾਂ ਨੂੰ ਸੱਟ ਨਾ ਲਗੇ ਅਤੇ ਨਾ ਹੀ ਉਹ ਬਿਮਾਰ ਪੈਣ।

ਤੁਹਾਡੀ ਸਿਹਤ ਅਤੇ ਸੁਰੱਖਿਆ ਲਈ ਤੁਹਾਡਾ ਨੌਕਰੀਦਾਤਾ ਅਤੇ ਕੰਮ ਦੀ ਥਾਂ ‘ਤੇ ਮੁੱਖ ਠੇਕੇਦਾਰ ਜ਼ਿੰਮੇਵਾਰ ਹਨ। ਪਰ ਆਪਣੀਆਂ ਅਤੇ ਨੌਕਰੀਦਾਤਾ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਹੋ ਕੇ ਤੁਸੀਂ ਸਾਡੀ ਵੱਡੀ ਮਦਦ ਕਰ ਸਕਦੇ ਹੋ।

ਬਰਤਾਨੀਆ ਵਿੱਚ ਸਿਹਤ ਅਤੇ ਸੁਰੱਖਿਆ ਕਾਨੂੰਨ ਦੀ ਪਾਲਣਾ ਲਈ ਸਰਕਾਰੀ ਅਦਾਰਾ ਸਿਹਤ ਅਤੇ ਸੁਰੱਖਿਆ ਐਗਜ਼ੈਕਟਿਵ (HSE) ਜ਼ਿੰਮੇਵਾਰ ਹੈ।

ਇਹ ਵੈਬਸਾਈਟ ਵਿਦੇਸ਼ੀ ਵਰਕਰਾਂ ਅਤੇ ਉਹਨਾਂ ਦੇ ਨੌਕਰੀਦਾਤਾਵਾਂ ਨੂੰ ਬ੍ਰਿਟੇਨ ਦੇ ਸਿਹਤ ਅਤੇ ਸੁਰੱਖਿਆ ਕਾਨੂੰਨ ਮੁਤਾਬਕ ਉਹਨਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਸਮਝਾਉਣ ਵਿੱਚ ਮਦਦ ਕਰੇਗੀ।

ਜੇ ਤੁਸੀਂ ਵਿਦੇਸ਼ ‘ਚੋਂ ਆ ਕੇ ਇੱਥੇ ਕੰਮ ਕਰ ਰਹੇ ਹੋ ਤਾਂ ਇਹ ਵੈਬਸਾਈਟ ਹੇਠਲੀਆਂ ਗੱਲਾਂ ਵਿੱਚ ਤੁਹਾਡੀ ਮਦਦ ਕਰੇਗੀ:

  • ਸਿਹਤ ਅਤੇ ਸੁਰੱਖਿਆ ਕਾਨੂੰਨ ਮੁਤਾਬਕ ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਦਾ ਪਤਾ ਲਗਾਉਣਾ, ਅਤੇ
  • ਸਿਹਤ ਅਤੇ ਸੁਰੱਖਿਆ ਬਾਬਤ ਜਾਣਕਾਰੀ ਪ੍ਰਾਪਤ ਕਰਨਾ। ਇਸ ਵਿੱਚ ਤੁਹਾਡੇ ਬੁਨਿਆਦੀ ਹੱਕ, ਚੰਗੀ ਰਵਾਇਤ, ਕਾਨੂੰਨੀ ਮਿਆਰ ਅਤੇ ਕੰਮ ਦੀ ਥਾਂ ਦੇ ਹਾਲਾਤ ਸ਼ਾਮਲ ਹਨ।

ਜੇ ਤੁਸੀਂ ਨੌਕਰੀਦਾਤਾ ਜਾਂ ਮੁੱਖ ਠੇਕੇਦਾਰ ਹੋ, ਤਾਂ ਇਸ ਵੈਬਸਾਈਟ ਦੀ ਮਦਦ ਨਾਲ ਤੁਸੀਂ ਅੰਗਰੇਜ਼ੀ ਨਾ ਬੋਲਣ ਵਾਲੇ ਆਪਣੇ ਕਰਮਚਾਰੀਆਂ ਨੂੰ ਲਿਖਤ ਸੇਧਾਂ ਦੇ ਸਕੋਗੇ।

ਜੇ ਆਪਣੀ ਕੰਮ ਦੀ ਥਾਂ ‘ਤੇ ਤੁਹਾਨੂੰ ਆਪਣੀ ਸਿਹਤ ਅਤੇ ਸੁਰੱਖਿਆ ਬਾਰੇ ਚਿੰਤਾ ਹੈ ਤਾਂ ਆਪਣੇ ਨੌਕਰੀਦਾਤਾ, ਮੁੱਖ ਠੇਕੇਦਾਰ ਜਾਂ ਕਿਸੇ ਸੁਰੱਖਿਆ ਪ੍ਰਤੀਨਿਧ ਨਾਲ ਗੱਲ ਕਰੋ। ਜੇ ਇਸਦੇ ਬਾਅਦ ਵੀ ਕੰਮ ਦੀ ਥਾਂ ਦੇ ਹਾਲਾਤ ਬਾਰੇ ਤੁਹਾਨੂੰ ਚਿੰਤਾ ਰਹਿੰਦੀ ਹੈ ਤਾਂ ਤੁਸੀਂ ਸਿਹਤ ਅਤੇ ਸੁਰੱਖਿਆ ਐਗਜ਼ੈਕਟਿਵ (HSE) ਨਾਲ ਗੱਲ ਕਰ ਸਕਦੇ ਹੋ।

ਪੰਜਾਬੀ ਵਿੱਚ ਗੱਲ ਕਰਨ ਲਈ ਸਾਡੀ ਹੈਲਪਲਾਈਨ ਨੂੰ ਫੋਨ ਕਰੋ: 0207 556 2294.

ਕਿਰਪਾ ਕਰਕੇ ਨੋਟ ਕਰੋ: ਇਸ ਨੰਬਰ ‘ਤੇ ਕੀਤੀਆਂ ਗਈਆਂ ਸਾਰੀਆਂ ਕਾੱਲਾਂ ਗੁਪਤ ਰਖੀਆਂ ਜਾਂਦੀਆਂ ਹਨ। ਜੇ ਤੁਸੀਂ ਚਾਹੋ ਤਾਂ ਆਪਣਾ ਨਾਂ ਗੁਪਤ ਰੱਖ ਸਕਦੇ ਹੋ।

ਜਾਂ, ਕਿਸੇ ਸ਼ਿਕਾਇਤ ਲਈ ਜਾਂ ਕੁਝ ਪੁੱਛਣ ਲਈ ਤੁਸੀਂ ਸਾਨੂੰ ਇਸ ਪਤੇ ‘ਤੇ ਈ-ਮੇਲ ਭੇਜ ਸਕਦੇ ਹੋ: [email protected]

Is this page useful?

Updated 2020-06-11